ਸਿੱਖ ਇਤਿਹਾਸ :ਅੱਜ ਦੇ ਦਿਨ ਸ਼ਾਹੀ ਟਿੱਬੀ,ਝੱਖੀਆਂ ਅਤੇ ਮਲਕਪੁਰ ਵਿੱਚ ਸਿੱਖਾਂ ਦੀਆਂ ਹੋਈਆਂ ਸਨ ਸ਼ਹੀਦੀਆਂ:5 ‘ਤੇ 6 ਦਸੰਬਰ ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 500 ਸਿੱਖਾਂ ਨਾਲ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਵੱਲ ਚੱਲ ਪਏ।ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ ਅਤੇ ਮੁਗ਼ਲ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ।
ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤਾਇਨਾਤ ਕੀਤਾ ‘ਤੇ ਉਸ ਨੂੰ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ।ਉਨ੍ਹਾਂ ਭਾਈ ਉਦੈ ਸਿੰਘ ਨੂੰ ਆਖਿਆ ਕਿ ਪਿੱਛੇ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਖਣਾ ਕਿ ਉਹ ਉੱਥੇ ਨਾ ਰੁਕਣ ਅਤੇ ਕੋਟਲਾ ਨਿਹੰਗ ਚਲੇ ਜਾਣ।ਇਸ ਮਗਰੋਂ ਆਪ ਨੇ ਮਾਤਾ ਗੁਜਰੀ,ਦੋ ਛੋਟੇ ਸਾਹਿਬਜ਼ਾਦਿਆਂ ਤੇ ਦੋ ਸੇਵਾਦਾਰਾਂ (ਦੁੱਨਾ ਸਿੰਘ ਤੇ ਬੀਬੀ ਸੁਭਿੱਖੀ)ਨਾਲ ਸਰਸਾ ਨਦੀ ਨੂੰ ਪਾਰ ਕੀਤਾ।ਗੁਰੂ ਸਾਹਿਬ ਨੇ ਇਕ ਸੌ ਸਿੰਘਾਂ ਨੂੰ ਆਖਿਆ ਕਿ ਉਹ ਉੱਥੇ ਰੁਕ ਕੇ ਪਿੱਛੇ ਆ ਰਹੀਆਂ ਫ਼ੌਜਾਂ ਦਾ ਰਾਹ ਡੱਕਣ।
ਭਾਈ ਬਚਿਤਰ ਸਿੰਘ ਦਾ ਚੌਥਾ ਜੱਥਾ ਸਰਸਾ ਪਾਰ ਕੇ ਰੋਪੜ ਵੱਲ ਰਵਾਨਾ ਹੋ ਚੁੱਕਾ ਸੀ।ਥੋੜ੍ਹੇ ਚਿਰ ਵਿੱਚ ਮਾਤਾ ਗੁਜਰੀ,ਦੋ ਛੋਟੇ ਸਾਹਿਬਜ਼ਾਦੇ ਅਤੇ ਦੋ ਸੇਵਾਦਾਰ ਦੂਰ ਨਿੱਕਲ ਕੇ ਚਮਕੌਰ ਵੱਲ ਚਲੇ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਬਖ਼ਸ਼ਿਸ਼ ਸਿੰਘ ਭਾਈ ਗੁਰਬਖ਼ਸ਼ੀਸ਼ ਸਿੰਘ ਅਤੇ ਕੁਝ ਹੋਰ ਸਾਥੀ ਸਿੰਘ ਕੋਟਲਾ ਨਿਹੰਗ ਵਿੱਚ ਪਹੁੰਚ ਚੁੱਕੇ ਸਨ।
ਪਹਿਲੀ ਲੜਾਈ:
ਪਹਿਲੀ ਲੜਾਈ ਪਿੰਡ ਝੱਖੀਆਂ ਵਿੱਚ ਹੋਈ ਸੀ।ਪਿੱਛੋਂ ਆ ਰਹੀ ਪਹਾੜੀ ਫ਼ੌਜ ਨੇ ਪਹਿਲਾਂ ਤਾਂ ਭਾਈ ਜੀਵਨ ਸਿੰਘ ਦੇ ਜੱਥੇ ‘ਤੇ ਹਮਲਾ ਕੀਤਾ।ਇਸ ਲੰਬੀ ਲੜਾਈ ਵਿੱਚ ਭਾਈ ਜੀਵਨ ਸਿੰਘ ਰੰਘੇਰਟਾ,ਬੀਬੀ ਭਿੱਖਾਂ ਅਤੇ ਇੱਕ ਸੌ ਸਿੰਘ ਸ਼ਹੀਦ ਹੋ ਗਏ।
ਦੂਜੀ ਲੜਾਈ:
ਦੂਜੀ ਲੜਾਈ ਸ਼ਾਹੀ ਟਿੱਬੀ ‘ਤੇ ਹੋਈ ਸੀ।ਇਸ ਲੜਾਈ ਵਿੱਚ ਭਾਈ ਉਦੈ ਸਿੰਘ ਅਤੇ ਪੰਜਾਹ ਸਿੰਘ ਸ਼ਹੀਦ ਹੋ ਗਏ।ਭਾਈ ਉਦੈ ਸਿੰਘ ਨੇ ਦਸਵੇਂ ਪਾਤਸ਼ਾਹ ਵਰਗਾ ਜੋੜਾ ਜਾਮਾ ਪਹਿਨਿਆ ਹੋਇਆ ਸੀ।ਅਜਮੇਰ ਚੰਦ ਨੇ ਭਾਈ ਉਦੈ ਸਿੰਘ ਸ਼ਹੀਦ ਹੋਏ ਵੇਖ ਕੇ ਉਸ ਦੇ ਕੱਪੜਿਆਂ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਮਝ ਲਿਆ ਅਤੇ ਉਸ ਦਾ ਸਿਰ ਕਟਵਾ ਕੇ ਰੋਪੜ ਦੇ ਨਵਾਬ ਵੱਲ ਭੇਜ ਦਿੱਤਾ ਤੇ ਰੌਲਾ ਪਾ ਦਿੱਤਾ ਕਿ ‘ਅਸੀਂ ਗੁਰੂ ਨੂੰ ਮਾਰ ਲਿਆ ਹੈ।
ਤੀਜੀ ਲੜਾਈ :
ਤੀਜੀ ਲੜਾਈ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਹੋਈ ਸੀ।ਜਿਸ ਵਿੱਚ ਤੀਜਾ ਜੱਥਾ ਭਾਈ ਬਚਿਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ ਲੜਾਈ ਹੋਈ।ਇੱਥੇ ਵੀ ਬੜੀ ਜ਼ਬਰਦਸਤ ਲੜਾਈ ਹੋਈ।
ਇਸ ਲੜਾਈ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ।ਭਾਈ ਬਚਿਤਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।ਪਿੱਛੇ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ,ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿਤਰ ਸਿੰਘ ਨੂੰ ਜ਼ਖ਼ਮੀ ਪਏ ਹੋਏ ਵੇਖਿਆ ਅਤੇ ਚੁੱਕ ਕੇ ਉਥੋਂ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਲੈ ਆਏ।
-PTCNews